Wednesday, 21 October 2020

Punjabi poem 20 ਅਕਤੂਬਰ

                         ਇਹ ਰਾਤ

ਸਾਗਾਂ ਦੀ ਪੋਚੀ ਕੁੜੀ(1) ਦੀ ਰਾਤ

ਤਸਕੀਨ ਦੇ ਲਕੀਰ ਵਾਲੇ ਲੰਙੇ ਲੇਖ਼ ਵਾਲੀ ਰਾਤ

ਗੱਗੋਬੂਏ ਵਾਲੇ ਸੂਏ 'ਤੇ ਹੋਈ ਬਹਿਸ ਥੀਂ ਭਿੱਜੀ ਰਾਤ

ਦੇਸੀ ਮੁਰਗੇ ਤੇ ਮੱਕੀ ਦੀ ਰੋਟੀ ਵਾਲੀ ਰਾਤ।

ਕਬਰੋਂ ਕੱਢ ਅੰਮ੍ਰਿਤ ਤਰੌਂਕ ਸਵਾਧਾਨ ਕਰ,ਕੇਈ ਰੋਣ  ਲੱਗ ਪੈਂਦਾ ਹੈ।

ਧਰਤੀ ਹੇਠਲੇ ਬਲਦ ਨੂੰ ਸਾਹ ਦਵਾਉਣ ਲੱਗਾ ਹੈ।

?ਕੌਣ ਹੈ, ਕੀ ਕਹਿ ਰਿਹਾ ਹੈ।

ਨਹੀਂ ਕਿਹਾ, ਕਿ ਕਹਿਣ ਨੂੰ ਕੁਝ ਨਹੀਂ ਰਿਹਾ।

ਬਚ ਗ਼ਈ ਤੇਰੇ ਮਰਨ, ਤੇਰੇ ਜੀਊਣ ਵਿਚਲੀ ਲੀਕ ਹੈ

ਮੱਚਦੀ ਕਾਇਨਾਤ ਦਾ, ਯ਼ੱਖ ਵਾਹਿਦ ਸ਼ਰੀਕ ਹੈ।

ਕੌਣ ਰੱਬ ਦੀ ਕੈਦ 'ਚੋਂ ਮੈਨੂੰ  ਬਚਾਓਣ ਆ ਗਿਆ।

ਕੌਣ ਜੱਗ ਦੇ ਜਬੜਿਆਂ 'ਚੋਂ  ਮੈਨੂੰ ਕੱਢਣ ਬਹੁੜਿਆ।

ਇਹ 

ਧੁਖ਼ ਰਹੇ ਪ੍ਰਦੇਸ ਵਿੱਚ ਇਹ ਕੌਣ ਆਪਣਾ ਆ ਗਿਆ ਹੈ।

ਠੰਡੀ ਰਾਤ ਦਾ ਨਿੱਘਾ ਠੱਰ੍ਹਮਾ

ਡਰਦੀ ਨਬ਼ਜ ਦਾ ਇੰਞ ਸਿਰ ਪਲੋਸੇ

ਜਿਉਂ ਬਲਦੀ ਰੇਤੇ ਸਾਗਰ ਆ ਗਿਆ ਹੈ।

ਪਤਾ ਸੀ ਉਹਨੂੰ

ਡੁੱਬੇ ਨੂੰ ਜੱਫੀ਼ ਪਾਉਣ ਲਈ

ਡੁੱਬਣਾ ਪੈਂਦਾ ਹੈ।ਪਰ ਆ ਗਿਆ ਹੈ।


ਹਨੇਰੇ ਵਿੱਚ ਤੈਰਦੇ ਫੁਲਬਹਿਰੀਏ ਬੁੱਤ

ਬਗਲਗੀਰ ਹੁੰਦੇ ਹਨ।

ਘੁੱਟਦੇ ਸਾਹਾਂ 'ਚੋਂ ਸਿੰਮਦਾ ਅਨਹਦ ਨਾਦ

ਇਸ ਰਾਤ ਦੀ ਪਛਾਣ-ਧੁੰਨ ਬਣ ਗਿਆ ਹੈ।

ਹਰ ਰਾਤ ਮੈਂ ਇਸ ਰਾਤ ਨੂੰ ਬੁੱਕਲ 'ਚ ਲੈ ਲੈਂਦਾ ਹਾਂ।।

_--------------------------------------------------

1.Franciose Sagan  ਦਾ ਨਾਵਲ A Painted Lady


No comments:

Post a Comment